ਪੰਜਾਬ ਵਿਚ ਸਿਆਸਤਦਾਨ-ਪੁਲਿਸ ਨਸ਼ਾ ਤਸਕਰੀ ਗੰਢਤੁੱਪ ਮਾਮਲੇ ਦੀ ਵਿਆਪਕ ਜਾਂਚ ਦੇ ਹੁਕਮ ਦੇਣ ਦੀ ਵੀ ਕੀਤੀ ਅਪੀਲ file photoਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਦਿਨ ਦਿਹਾੜੇ ਹੋਏ ਕਤਲ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਜਾਵੇ ਅਤੇ ਉਹਨਾਂ ਨੇ ਪੰਜਾਬ ਵਿਚ ਸਿਆਸਤਦਾਨ-ਪੁਲਿਸ ਨਸ਼ਾ ਤਸਕਰੀ ਗੰਢਤੁੱਪ ਦੀ ਵਿਆਪਕ ਜਾਂਚ ਦੀ ਵੀ ਮੰਗ ਕੀਤੀ।ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਦੱਸਿਆ ਕਿ ਕਿਵੇਂ ਨਸ਼ਾ ਵਿਰੋਧੀ ਕਾਰਕੁੰਨ ਦੇ ਪਿਤਾ ਭੀਮ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਜਿਸ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਹਨਾਂ ਮੰਗ ਕੀਤੀ ਕਿ ਪੀੜਤ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਜਾਣ।ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭੀਮ ਸਿੰਘ ਨੇ ਆਪਣੇ ਬਿਆਨ ਵਿਚ ਜ਼ੋਰ ਦੇ ਕੇ ਕਿਹਾ ਹੈ ਕਿ ਉਹਨਾਂ ਦਾ ਪੁੱਤਰ ਪਰਵਿੰਦਰ ਸਿੰਘ ਝੋਟਾ ਪੰਜਾਬ ਵਿਚ ਸਿਆਸਤਦਾਨ-ਪੁਲਿਸ ਗੰਢਤੁੱਪ ਦੇ ਨਤੀਜੇ ਵਜੋਂ ਨਸ਼ਾ ਤਸਕਰੀ ਦਾ ਸ਼ਿਕਾਰ ਹੋਇਆ ਹੈ ਤੇ ਇਸ ਗੰਢਤੁੱਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ ਜੀ ਪੀ ਗੌਰਵ ਯਾਦਵ ਸਮੇਤ ਸਿਖ਼ਰਲੇ ਪੱਧਰ ਤੋਂ ਪੁਸ਼ਤਪਨਾਹੀ ਹਾਸਲ ਹੈ। ਉਹਨਾਂ ਕਿਹਾ ਕਿ ਭੀਮ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੇ ਪੁੱਤਰ ਨੇ ਅਸ਼ਵਨੀ ਕੁਮਾਰ ਜਿਸਨੇ ਉਸਦਾ ਕਤਲ ਕੀਤਾ, ਦੇ ਮੈਡੀਕਲ ਸਟੋਰ ’ਤੇ ਜਾਣ ਤੋਂ ਪਹਿਲਾਂ ਮਾਨਸਾ ਦੇ ਡੀ ਐਸ ਪੀ ਨੂੰ ਇਸ ਬਾਰੇ ਦੱਸਿਆ ਸੀ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅਸ਼ਵਨੀ ਕੁਮਾਰ ਨੇ ਪਰਵਿੰਦਰ ਝੋਟਾ ਨੂੰ ਗੋਲੀ ਮਾਰਨ ਤੋਂ ਪਹਿਲਾਂ ਕਿਸੇ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ ਜਿਸ ਤੋਂ ਇਸ ਕਤਲੇ ਵਿਚ ਵੱਡੀ ਸਾਜ਼ਿਸ਼ ਨਜ਼ਰ ਆਉਂਦੀ ਹੈ।ਐਮ ਪੀ ਨੇ ਕਿਹਾ ਕਿ ਭੀਮ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਆਪਣੇ ਸਾਰੇ ਜੀਵਨ ਵਿਚ ਉਹਨਾਂ ਦੇ ਪੁੱਤਰ ਨੇ ਕਿਵੇਂ ਹਮੇਸ਼ਾ ਮਾਨਸਾ ਦੇ ਮੈਡੀਕਲ ਸਟੋਰਾਂ ਤੋਂ ਹੁੰਦੀ ਨਸ਼ਾ ਤਸਕਰੀ ਨੂੰ ਬੇਨਕਾਬ ਕੀਤਾ ਤੇ ਕਿਵੇਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਝੂਠੇ ਕੇਸ ਪਾ ਕੇ ਜੇਲ੍ਹ ਵਿਚ ਡੱਕਿਆ ਗਿਆ।ਭੀਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸੂਬੇ ਦੇ ਡੀ ਜੀ ਪੀ ਅਤੇ ਮਾਨਸਾ ਦੇ ਐਸ ਐਸ ਪੀ ਬਾਰੇ ਵੀ ਦੱਸਿਆ ਕਿ ਇਹ ਝੂਠੇ ਕੇਸ ਬਣਾਉਣ ਵਿਚ ਕਿਵੇਂ ਉਹ ਸ਼ਾਮਲ ਸਨ।ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਇਹ ਗੱਲ ਵੀ ਦੱਸੀ ਕਿ ਜਦੋਂ ਉਹਨਾਂ ਦੇ ਪੁੱਤਰ ਜੇਲ੍ਹ ਵਿਚ ਸਨ ਤਾਂ ਮਾਨਸਾ ਦੇ ਐਸ ਐਸ ਪੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਜੇਕਰ ਉਹ ਨਸ਼ਾ ਤਸਕਰੀ ਖਿਲਾਫ ਆਵਾਜ਼ ਬੁਲੰਦ ਕਰਦਾ ਰਿਹਾ ਤਾਂ ਉਹ ਖ਼ਤਮ ਹੋ ਜਾਵੇਗਾ।ਭੀਮ ਸਿੰਘ ਨੇ ਆਪਣੇ ਬਿਆਨ ਵਿਚ ਇਹ ਵੀ ਦੱਸਿਆ ਕਿ ਨਸ਼ਾ ਤਸਕਰੀ ਵਿਚ ਕਿਹੜੇ ਪੁਲਿਸ ਅਫਸਰ ਸ਼ਾਮਲ ਹਨ ਤੇ ਮਾਨਸਾ ਦਾ ਡੀ ਐਸ ਪੀ ਸੰਜੀਵ ਗੋਇਲ ਖੁਦ ਮੈਡੀਕਲ ਦਵਾਈਆਂ ਬਣਾਉਣ ਵਾਲੀਆਂ ਸਹੂਲਤਾਂ ਦਾ ਮਾਲਕ ਹੈ ਜੋ ਨਸ਼ੇ ਦਾ ਉਤਪਾਦਨ ਕਰਦੀਆਂ ਹਨ।ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਭੀਮ ਸਿੰਘ ਨੇ ਕਿਵੇਂ ਇਹ ਵੀ ਖੁੱਲ੍ਹਾਸਾ ਕੀਤਾ ਕਿ ਮਾਨਸਾ ਵਿਚ ਸਥਾਨਕ ਡਰੱਗ ਇੰਸਪੈਕਟਰ ਸ਼ੀਸ਼ਮ ਮਿੱਤਲ, ਵੀ ਨਸ਼ਾ ਤਸਕਰਾਂ ਨਾਲ ਰਲਿਆ ਹੋਇਆ ਹੈ ਤੇ ਉਹ ਮੈਡੀਕਲ ਸਟੋਰਾਂ ਦੇ ਖਿਲਾਫ ਕਾਰਵਾਈ ਨਹੀਂ ਕਰਦਾ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਤਤਕਾਲੀ ਡੀ ਐਸ ਪੀ ਸੰਜੀਵ ਗੋਇਲ ਤੇ ਸਾਬਕਾ ਐਸ ਐਸ ਪੀ ਨਾਨਕ ਸਿੰਘ ਨਸ਼ਾ ਤਸਕਰਾਂ ਦੀ ਕਿਵੇਂ ਪੁਸ਼ਤ ਪਨਾਹੀ ਕਰਦੇ ਸਨ ਤੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਡੀ ਐਸ ਪੀ ਹਰਜਿੰਦਰ ਸਿੰਘ ਗਿੱਲ ਤੇ ਐਸ ਐਚ ਓ ਬੇਅੰਤ ਕੌਰ ਉਹਨਾਂ ਦੇ ਪੁੱਤਰ ਦੀ ਮੌਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।ਬਠਿੰਡਾ ਦੇ ਐਮ ਪੀ ਨੇ ਗ੍ਰਹਿ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਕਤਲ ਕਾਰਨ ਨਾ ਸਿਰਫ ਸਭਿਅਕ ਸਮਾਜ ਨੂੰ ਸੱਟ ਵੱਜੀ ਹੈ ਬਲਕਿ ਇਹ ਕਤਲ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮੰਦਭਾਗੇ ਦਿਨ ਸਮੇਂ ਸਿਰਫ ਮੈਡੀਕਲ ਸਟੋਰ ’ਤੇ ਨਾ ਪੁੱਜਣਾ ਅਤੇ ਮੁਲਜ਼ਮ ਦਾ ਝੋਟੇ ਨੂੰ ਗੋਲੀ ਮਾਰਨ ਤੋਂ ਪਹਿਲਾਂ ਕਿਸੇ ਹੋਰ ਮੁਲਜ਼ਮ ਨਾਲ ਫੋਨ ’ਤੇ ਗੱਲਬਾਤ ਕਰਨਾ, 2024 ਵਿਚ ਮਾਨਸਾ ਦੇ ਐਸ ਐਸ ਪੀ ਵੱਲੋਂ ਅਸ਼ਵਨੀ ਕੁਮਾਰ ਦੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਉਸਨੂੰ ਹਥਿਆਰਾਂ ਦਾ ਲਾਇਸੰਸ ਦੇਣਾ, ਇਹ ਸਾਰੇ ਵੱਡੇ ਮਾਮਲੇ ਹਨ।ਉਹਨਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਤਾਂ ਜੋ ਇਸ ਪਿੱਛੇ ਡਰੱਗ ਇੰਸਪੈਕਟਰਾਂ, ਪੁਲਿਸ ਅਧਿਕਾਰੀਆਂ ਜਾਂ ਫਿਰ ਸਿਖ਼ਰਲੇ ਸਿਆਸਤਦਾਨਾਂ ਨੂੰ ਬੇਨਕਾਬ ਕੀਤਾ ਜਾ ਸਕੇ।ਉਹਨਾਂ ਨੇ ਪੰਜਾਬ ਵਿਚ ਸਿਆਸਤਦਾਨ-ਪੁਲਿਸ ਦਰਮਿਆਨ ਗੰਢਤੁੱਪ ਦੇ ਨਤੀਜੇ ਵਜੋਂ ਨਸ਼ਾ ਤਸਕਰੀ ਦੇ ਸਾਰੇ ਮਾਮਲੇ ਦੀ ਵਿਆਪਕ ਜਾਂਚ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਇਸਦੇ ਨਾਂਲ ਹੀ ਨਸ਼ਾ ਤਸਕਰੀ ਵਿਚ ਡਰੱਗ ਇੰਸਪੈਕਟਰਾਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀਹੈ ਤੇ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨਸ਼ਾ ਵਿਰੋਧੀ ਕਾਰਕੁੰਨਾਂ ਦੀ ਆਵਾਜ਼ ਦਬਾਉਣ ਵਾਸਤੇ ਪੁਲਿਸ ਫੋਰਸ ਦੀ ਕਿਵੇਂ ਵਰਤੋਂ ਕੀਤੀ ਗਈ।ਉਹਨਾਂ ਕਿਹਾ ਕਿ ਜਾਂਚ ਵਿਚ ਇਹ ਮਾਮਲਾ ਵੀ ਸ਼ਾਮਲ ਹੋਣਾ ਚਾਹੀਦਾ ਹੈ ਕਿ ਸੁਨਾਮ ਦੇ ਮੋਹਣਜੀਤ ਸਿੰਘ ਸ਼ੇਰੋਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਚਿੱਟੇ ਦੀ ਵਿਕਰੀ ਦੇ ਖਿਲਾਫ ਲੋਕਤੰਤਰੀ ਰੋਸ ਵਿਖਾਵੇ ਲਈ ਉਸ ’ਤੇ ਤਸ਼ੱਦਦ ਕਿਉਂ ਢਾਹਿਆ ਗਿਆ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਚਿੱਟੇ ਦੀ ਵਿਕਰੀ ’ਤੇ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਤੂਰ ਵਣਜਾਰਾ ਨੂੰ ਖੁਦਕੁਸ਼ੀ ਵਾਸਤੇ ਕਿਉਂ ਮਜਬੂਰ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹੇ ਅਨੇਕਾਂ ਮਾਮਲੇ ਹਨ ਜਦੋਂ ਪੰਜਾਬ ਵਿਚ ਨਸ਼ਾ ਤਸਕਰੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਆਵਾਜ਼ ਚੁੱਪ ਕਰਵਾਉਣ ਵਾਸਤੇ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ਨਸ਼ਾ ਤਸਕਰੀ ਦੀ ਵਿਆਪਕ ਜਾਂਚ ਹੀ ਮੌਤ ਦੇ ਮਸੀਹਾ ਨੂੰ ਬੇਨਕਾਬ ਕਰ ਸਕਦੀ ਹੈ ਅਤੇ ਇਸ ਬੁਰਾਈ ਤੋਂ ਲੋਕਾਂ ਨੂੰ ਰਾਹਤ ਦੇ ਸਕਦੀ ਹੈ ਜਿਸਨੇ ਸਾਰੀ ਪੀੜੀ ਹੀ ਖਤਮ ਕਰ ਦਿੱਤੀ ਹੈ।Read More
Previous articleਅਮਿਤ ਸ਼ਾਹ ਦੀ ਪੰਜਾਬ ਫੇਰੀ ਨਸ਼ਾ ਪੀੜਤ ਪਰਿਵਾਰਾਂ ਲਈ ਉਮੀਦ ਦੀ ਨਵੀਂ ਕਿਰਨ: ਕੇਵਲ ਢਿੱਲੋਂ |Next articleamritsar airport drone ban, police commissioner issues orders under bnss section 163


